Thursday, February 13, 2020

Inderjit Kajal Publishers 6th Post Five Poems Writer Swaraj Kaur

Inderjit Kajal Publishers Five Poems Writer Swaraj Kaur

       ਸ਼ੀਸ਼ੇ ਦੇ ਘਰ
ਬੰਦੇ ਦੀ ਇਸ ਸਭਿਯ ਨਗਰੀ,
ਟੋਹ ਟੋਹ ਪੈਰ ਪੁਟੀਵਾਂ।
ਜੇ ਹਿਰਨੋਟੀ ਵਣ ਦੀ ਹੋਵਾਂ,
ਭਰ ਭਰ ਚੁੰਗੀਆਂ ਜੀਵਾਂ।

ਜੰਗਲ ਬੇਲੇ ਗਾਹਵਾਂ ਸਾਰੇ,
ਹੋਣ ਨਾ ਅਟਕਾਂ ਹੋੜਾਂ।
ਪੌਣਾਂ ਸੰਗ ਮੈਂ ਕਰਾਂ ਕਲੋਲਾਂ,
ਪੰਛੀਆਂ ਵਾਂਗ ਉਡਾਣਾਂ ਲੋੜ੍ਹਾਂ।

ਹੋਵਾਂ ਫੁੱਲ ਜੇ ਬਾਗ਼ੀਂ ਖਿੜਿਆ,
ਮਹਿਕ ਫਿਜ਼ਾ ਵਿੱਚ ਘੋਲਾਂ।
ਨਿੱਤ ਸ਼ਬਨਮ ਦੇ ਸੁੱਚੇ ਮੋਤੀ,
ਮੁੱਖੜੇ ਉੱਤੇ ਡੋਹਲਾਂ।
ਹੋਵਾਂ ਦਰ-ਦਰਵੇਸ਼ੀ ਜੋਗਣ,
ਅਨੰਤ ਅਗੰਮ ਹੋ ਥੀਵਾਂ।
ਲਹਿਰਾਂ ਸੰਗ ਲਹਿਰ ਬਣ ਜਾਵਾਂ,
ਘੁੱਟੀਂ ਸਾਗਰ ਪੀਵਾਂ।

ਭਰ ਕਲਾਵੇ ਪ੍ਰਭਾਤਾਂ ਦੇ,
ਗਲ ਕਿਰਨਾਂ ਦੇ ਬਾਹਵਾਂ ਪਾਵਾਂ।
ਚਾਨਣੀਆਂ ਦੀ ਚਿੱਟੀ ਚਾਦਰ,
ਵਿੱਚ ਕਾਇਨਾਤ ਵਿਛਾਵਾਂ।

ਚੰਨ ਦੀ ਟਿੱਕੀ ਡਾਹ ਚਰਖੜਾ,
ਨਾਲ ਤਾਰਿਆਂ ਛੋਪੇ ਪਾਵਾਂ।
ਕੱਤਾਂ ਉਦਰੇਵੇਂ ਦੀਆਂ ਤੰਦਾਂ,
ਦਰਦਾਂ ਦਾ ਕੋਈ ਗੀਤ ਅਲਾਵਾਂ।

ਆਪੇ ਆਪਣੇ ਇਕਲਾਪੇ ਨੂੂੰ,
ਅੰਤਰ ਹਾਲ ਸੁਣਾਵਾਂ।
ਕੱਲਾ ਰੁੱਖ ਵਣਾਂ ਦਾ ਜਿੰਦੜੀ,
ਕੀ ਧਰਵਾਸ ਦਿਵਾਵਾਂ।

ਸ਼ੀਸ਼ੇ ਦੇ ਘਰ ਫੁੱਲ ਬਨਾਉਟੀ,
ਮਹਿਕਣ ਕਿੰਝ ਹਵਾਵਾਂ।
ਰਿਸ਼ਤੇ ਪਿਆਰ ਦਿਖਾਵਾ ਜਾਪਣ,
ਕੀਕਣ ਜੀਅ ਪਰਚਾਵਾਂ।

ਜੰਮੀਆਂ ਅਣਜੰਮੀਆਂ ਧੀਆਂ
ਤੂੰ ਜਾਣ ਜੁ ਗਈ ਸੀ ਮਾਂ,
ਤੇ ਜੀਅ ਲਿਆ ਸੀ ਤੈਂ
ਤੇਰੀ ਮੇਰੀ ਜਾਤ ਦਾ
ਚੰਦਰਾ ਨਸੀਬ।
ਜਿਸਨੂੰ ਕਲਮ ਨਾਲ ਨਹੀਂ
ਕਿੱਲ ਨਾਲ ਲਿਖ ਰਿਹਾ ਵਿਧਾਤਾ ਸਦੀਆਂ ਤੋਂ
ਖੌਰੇ ਲਿਖਦਾ ਕਿ ਠੋਕ ਦੇਂਦਾ ਮੱਥੇ 'ਚ ਕਿੱਲ।
ਸ਼ਾਇਦ ਤੂੰ ਤਾਂਹੀਓਂ ਮਾਰਦੀ
ਮਾਂ ਧੀਆਂ ਨੂੂੰ ਕੁੱਖ
ਉਂਝ ਇੱਕ ਗੱਲੋਂ ਤੇ ਮੁਕਦਾ
ਰੋਜ ਮਰਨ ਦਾ ਦੁੱਖ।
ਜੀਉਂਦੀਆਂ ਧੀਆਂ ਨੇ ਵੀ
ਨਿੱਤ ਨਵੀਂ ਮੌਤ ਮਰਨਾ
ਕਿਸੇ ਦਾਜ ਦੀ ਅੱਗ 'ਚ ਸੜਨਾ
ਕਿਸੇ ਹਵਸ ਦੀ ਭੇਟ ਹੋਣਾ
ਮੇਰੀ ਘਟੀ ਗਿਣਤੀ ਦਾ ਹਿਸਾਬ ਵੀ
ਮਰਦਾਂ ਦੀ ਇਸ ਦੁਨੀਆਂ ਨੇ
ਮੇਰੇ 'ਚੋਂ ਹੀ ਪੂਰਾ ਕਰਨਾ।
ਦੇਵਦਾਸੀਆਂ ਬਣਾਕੇ ਕੋਠੇ ਸਜਾਕੇ
ਦਰੋਪਤੀਆਂ ਬਣਾਕੇ
ਉਂਝ ਇਸ ਤੋਂ ਅਗਾਂਹ
ਹੋਰ ਵੀ ਨੇ ਬਹੁਤ ਨਾਂ
ਨਵੇਂ ਯੁੱਗ ਦੀ
ਮੇਰੀ ਨਵੀਨ ਤਿਜ਼ਾਰਤ ਦੇ।
ਮੈਨੂੰ ਕੁੱਖ 'ਚ ਨਸ਼ਤਰ ਕੁਤਰਦੇ
ਬਾਹਰ ਠੂੰਗਦੇ ਕਾਂ
ਤੈਂ ਅਜੇ ਨਾ ਦਿੱਤੀ ਧਰਤੀਏ
ਮੈਨੂੰ ਜੀਣੇ ਜੋਗੀ ਥਾਂ
ਕਦੇ ਨਾ ਦਿੱਤੀ ਧਰਤੀਏ
ਮੈਨੂੰ ਜੀਣੇ ਜੋਗੀ ਥਾਂ।

ਮਾਂ ਇਹ ਬੱਦਲ ਬੜੇ ਸ਼ਤਾਨ
ਨਾ ਕੋਈ ਸੜਕ ਹੈ ਲੰਬੀ ਚੌੜੀ,
ਨਾ ਹੀ ਕਿਧਰੇ ਲੱਗੀ ਪੌੜੀ।
ਪਤਾ ਨਹੀਂ ਇਹ ਫਿਰ ਵੀ ਕੀਕਣ,
ਚੜ੍ਹ ਜਾਂਦੇ ਅਸਮਾਨ।
ਮਾਂ ਇਹ ਬੱਦਲ ਬੜੇ ਸ਼ਤਾਨ।
ਸਾਵਣ ਜਿਸਨੇ ਖੀਰ ਨਾ ਖਾਧੀ,
ਉਹ ਕਾਹਨੂੰ ਜੰਮਿਆਂ ਅਪਰਾਧੀ।
ਸੁੱਕੇ ਟੁੱਕ ਨਾ ਮਿਲਣ ਜਿਨ੍ਹਾਂ ਨੂੂੰ,
ਉਹ ਖੀਰਾਂ ਕਿੱਥੋਂ ਖਾਣ।
ਮਾਂ ਇਹ ਬੱਦਲ ਬੜੇ ਸ਼ਤਾਨ।

   ਬੰਦੇ ਨੂੰ ਰੱਬ
ਬੜਾ ਰੌਲਾ ਹੈ ਏਥੇ
ਮੇਰੇ ਅਨੇਕ ਨਾਂਵਾਂ ਦਾ
ਬੇਗਿਣਤ ਥਾਂਵਾਂ ਦਾ
ਰੌਲਾ ਈ ਹੁੰਦਾ
ਤਾਂ ਗੱਲ ਹੋਰ ਹੁੰਦੀ
ਹੈ ਖ਼ੂਨ ਖਰਾਬਾ
ਵੱਢ ਟੁੱਕ ਵੀ
ਦਰਿੰਦਗੀ ਦੀ ਹੱਦ ਤੱਕ।
ਕੀ ਇਨ੍ਹਾਂ ਝਗੜਿਆਂ ਵਿੱਚ
ਮੈਂ ਰਹਿਨਾਂ?
ਤੂੰ ਸੁਣੀ ਹੀ ਕਦ
ਸੱਚ ਦੇ ਢੂੰਡਕਾਂ ਦੀ ਆਖੀ
ਕਿਉਂਕਿ ਤੂੰ
ਮੈਨੂੰ ਨਹੀਂ ਲੱਭਦਾ ਪਿਆ
ਆਪਣੀ ਹੀ ਹਓਂ ਦੇ
ਜਨੂੰਨ ਵਿੱਚ
ਹਨੇਰੇ ਛਾਣ ਰਿਹਾਂ।
ਮੇਰੀ ਰਚੀ ਪ੍ਰਕਿਰਤੀ
ਸੁੰਦਰਤ ਸ੍ਰਿਸ਼ਟੀ
ਇਸੇ ਵਿੱਚ ਤਾਂ ਮੈਂ ਹਾਂ
ਜਿਸ ਨੂੂੰ ਤੂੰ ਉਜਾੜ ਰਿਹਾਂ ।

         ਪੀਲੇ ਪੱਤ
ਉਮਰਾਂ ਦੀ ਇਸ ਡਾਲ ਨੀ ਜਿੰਦੇ,
ਪੀਲੇ ਪੱਤ ਬਿਹਾਲ ਨੀ ਜਿੰਦੇ ।

ਅਸੀਂ ਮੁਸਾਫਿਰ ਸਮੇਂ ਦੀ ਬੇੜੀ,
ਜੀਵਨ ਵਹਿੰਦੀ ਧਾਰ ਨੀ ਜਿੰਦੇ ।

ਬੰਦਾ ਹੀ ਕੁਦਰਤ ਵਿੱਚ ਕਹਿੰਦੇ,
ਕਾਦਰ ਦਾ ਸ਼ਾਹਕਾਰ ਨੀ ਜਿੰਦੇ ।

ਨਿੱਤ ਕਰਦਾ ਧਰਤੀ ਦੀਆਂ ਲੀਰਾਂ,
ਮਜ਼੍ਹਬਾਂ ਦੇ ਲੰਗਾਰ ਨੀ ਜਿੰਦੇ ।
                               
ਪਿਆਰ ਦੋਸਤੀ ਰਿਸ਼ਤੇ ਨਾਤੇ,
ਦੇਖੇ ਬਣੇ ਵਪਾਰ ਨੀ ਜਿੰਦੇ ।

ਪੰਡਤ ਭਾਈ ਮੁੱਲਾ ਰੱਖਣ,                                     
ਬੁੱਕਲ ਵਿੱਚ ਕਟਾਰ ਨੀ ਜਿੰਦੇ ।

ਕੀ ਖੋਇਆ ਕੀ ਪਾਇਆ ਏਥੇ,
ਲੇਖੇ ਸਭ ਵਿਸਾਰ ਨੀ ਜਿੰਦੇ ।

ਹੋ ਸਕਦਾ ਤੇ ਖੁਦਗਰਜ਼ੀ ਤੋਂ,
ਉੱਪਰ ਰੱਖ ਕਿਰਦਾਰ ਨੀ ਜਿੰਦੇ ।

ਦੁੱਖ ਸੁੱਖ ਕਦੀ ਸਥਿਰ ਨਈਂ ਹੁੰਦੇ,
ਇਹ ਜੀਵਨ ਦਾ ਸਾਰ ਨੀ ਜਿੰਦੇ ।

ਅੱਜ ਤੇਰਾ ਹੈ ਖ਼ਬਰ ਨਾ ਕੱਲ੍ਹ ਦੀ,
ਸੁੱਟ ਬੀਤੇ ਦੇ ਭਾਰ ਨੀ ਜਿੰਦੇ ।

ਕਾਜਲ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਲੇਖਕਾਂ ਦੀਆਂ ਕੁਝ ਹੋਰ ਵੈਬਸਾਈਟਾਂ